ਸ੍ਰੀ ਦਮਦਮਾ ਸਾਹਿਬ-ਖਾਸਲੇ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਮਾਲਵੇ ਦੇ ਪ੍ਰਸਿੱਧ ਜੋੜ ਮੇਲਾ ਇਤਿਹਾਸਕ ਅਸਥਾਨ ਬੁੱਢਾ ਦਲ ਦੇ ਹੈਡ ਕੁਆਟਰ ਗੁਰਦੁਆਰਾ ਬੇਰ ਸਾਹਿਬ ਦੇਗਸਰ ਸਾਹਿਬ ਯਾਦਗਾਰ ਬਾਬਾ ਦੀਪ ਸਿੰਘ ਜੀ ਵਿਖੇ ਅਰੰਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਹੋਏ ਸ੍ਰੀ ਅਖੰਡ ਪਾਠ ਦੇ ਭੋਗ 13 ਅਪ੍ਰੈਲ ਨੂੰ ਸਵੇਰੇ ਪੈਣਗੇ ਅਤੇ ਨਿਹੰਗ ਸਿੰਘ ਦੀ ਪੁਰਾਤਨ ਰਵਾਇਤ ਅਨੁਸਾਰ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਸ੍ਰੀ ਅਖੰਡ ਪਾਠ ਸਾਹਿਬ ਅੱਜ ਅਰੰਭ ਹੋਏ ਹਨ ਜਿਸ ਦੇ ਭੋਗ 14 ਅਪ੍ਰੈਲ ਨੂੰ ਸਵੇਰੇ ਪਾਏ ਜਾਣਗੇ, ਉਪਰੰਤ ਬੁੱਢਾ ਦਲ ਨੂੰ ਗੁਰੂ ਸਾਹਿਬਾਂ ਵੱਲੋਂ ਬਖਸ਼ਿਸ਼ ਨਿਲੰਬਰੀ ਇਤਿਹਾਸਕ ‘ਨਿਸ਼ਾਨ ਸਾਹਿਬਾਂ’ ਦੀ ਛਤਰ ਛਾਇਆ ਹੇਠ ਅਤੇ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਠੀਕ 12 ਵਜੇ ਦੁਪਹਿਰ ਗੁ: ਬੇਰ ਸਾਹਿਬ ਹੈਡ ਕੁਆਟਰ ਬੁੱਢਾ ਦਲ ਤੋਂ ਸਮੂਹ ਨਿਹੰਗ ਸਿੰਘ ਦਲ ਮਹੱਲਾ ਕੱਢਣਗੇ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦਸਿਆ ਕਿ ਵਿਸਾਖੀ ਤੇ ਪੁਜਣ ਵਾਲੀਆਂ ਸੰਗਤਾਂ ਦੀ ਆਓ ਟਹਿਲ ਸੇਵਾ ਲਈ ਲੰਗਰ, ਸ਼ਹੀਦੀ ਦੇਗਾਂ ਦੇ ਯੋਗ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੁੱਢਾ ਦਲ ਦੇ ਹੈਡ ਕੁਆਟਰ ਗੁ: ਬੇਰ ਸਾਹਿਬ ਵਿਖੇ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਜਾਵੇਗਾ। ਅੰਮ੍ਰਿਤਧਾਰੀ ਹੋਣ ਵਾਲੇ ਗੁਰਮੁਖ ਪਿਆਰੇ ਆਪਣਾ ਨਾਮ ਦਰਜ ਕਰਾਉਣ। ਉਨ੍ਹਾਂ ਕਿਹਾ ਏਥੇ ਹੀ ਹਥਿਆਰਾਂ ਦੇ ਨਵੇਂ ਲਾਇਸੰਸ ਤਿਆਰ ਕੀਤੇ ਜਾ ਰਹੇ ਹਨ ਅਤੇ ਪੁਰਾਣਿਆਂ ਨੂੰ ਰੀਨਿਓ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦਸਿਆ ਕਿ ਬੁੱਢਾ ਦਲ ਵੱਲੋਂ ਗਤਕਾ ਟੀਮਾਂ ਵਿੱਚ ਵਿਸ਼ੇਸ਼ ਵਿਰਸਾ ਸੰਭਾਲ ਗਤਕਾ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਥੇ ਵੱਖ-ਵੱਖ ਥਾਵਾਂ ਗਤਕਾ ਅਕੈਡਮੀਆਂ ਤੇ ਸਿੰਘ ਪੁਜਣਗੇ ਉਥੇ ਨਿਹੰਗ ਸਿੰਘ ਵੀ ਆਪਣੇ ਕਲਾ ਦਾ ਪ੍ਰਦਰਸ਼ਨ ਕਰਨਗੇ। ਜੇਤੂ ਟੀਮਾਂ ਨੂੰ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਇਨਾਮ ਸਨਮਾਨ ਤਕਸੀਮ ਕਰਨਗੇ। ਇਸ ਸਮੇਂ ਪੰਥ ਦੀਆਂ ਉਚ ਦੁਮਾਲੜੇ ਵਾਲੀਆਂ ਧਾਰਮਿਕ ਸਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਸਮੂਲੀਅਤ ਕਰਨਗੀਆਂ।